What to do when a Gmail (Google) account is full?
ਜੀਮੇਲ ਦੁਨੀਆ ਭਰ ਵਿਚ ਵਰਤੀ ਜਾਣ ਵਾਲੀ ਸਭ ਤੋਂ ਮਸ਼ਹੂਰ ਈਮੇਲ ਸਰਵਿਸ ਹੈ। ਜਦੋਂ ਅਸੀਂ ਇਕ ਨਵਾਂ Google Account/Gmail Account ਬਣਾਉਂਦੇ ਹਾਂ ਤਾਂ Google ਵਲੋਂ ਸਾਨੂੰ 15 GB ਸਟੋਰੇਜ਼ ਮੁਫ਼ਤ ਦਿੱਤੀ ਜਾਂਦੀ ਹੈ। ਭਾਵੇਂ ਕਿ ਇਹ 15 GB ਸਟੋਰੇਜ Google ਦੀਆਂ ਹੋਰ ਸੇਵਾਵਾਂ ਜਿਵੇਂ ਕਿ Google Drive, Google Photos, Google Docs/Sheets ਆਦਿ ਨਾਲ ਵੀ ਸਾਂਝੀ ਕੀਤੀ ਜਾਂਦੀ ਹੈ, ਫਿਰ ਵੀ ਇੱਕ ਆਮ ਵਰਤੋਂਕਾਰ ਲਈ 15 GB ਸਟੋਰੇਜ਼ ਜਾਂ ਜਗ੍ਹਾ ਕਾਫੀ ਹੁੰਦੀ ਹੈ ਅਤੇ ਲੰਮਾ ਸਮਾਂ ਵਰਤੋਂ ਵਿਚ ਲਈ ਜਾ ਸਕਦੀ ਹੈ।
ਪਰ ਜੋ ਵਰਤੋਂਕਾਰ ਗੂਗਲ ਦੀਆਂ ਸੇਵਾਵਾਂ ਦੀ ਵੱਧ ਵਰਤੋਂ ਕਰਦੇ ਹਨ ਉਹਨਾਂ ਨੂੰ 15 GB ਜਗ੍ਹਾ ਅਕਸਰ ਘੱਟ ਮਹਿਸੂਸ ਹੋਣ ਲਗਦੀ ਹੈ ਖਾਸ ਕਰਕੇ ਉਨ੍ਹਾਂ ਲਈ ਜੋ ਜੀਮੇਲ ਨੂੰ ਕਿਸੇ ਸੰਸਥਾਨ ਜਾਂ ਵਪਾਰ ਲਈ ਇਸਤੇਮਾਲ ਕਰਦੇ ਹਨ ਜਿਵੇਂ ਵਪਾਰਕ, ਧਾਰਮਿਕ ਜਾਂ ਵਿਦਿਅਕ ਸੰਸਥਾਵਾਂ ਆਦਿ।
Gmail ਜਾਂ Google account ਦੀ 15 GB ਮੁਫ਼ਤ ਵਾਲੀ ਸਪੇਸ ਪੂਰੀ ਭਰਨ ਉਪਰੰਤ ਕੀ ਕੀਤਾ ਜਾਵੇ?
ਆਉ ਵੇਖਦੇ ਹਾਂ ਕਿ ਸਾਡੇ ਕੋਲ ਕਿਹੜੇ ਕਿਹੜੇ ਵਿਕਲਪ ਹਨ:
- ਜੀਮੇਲ ਵਿਚੋਂ ਵੱਡੇ ਆਕਾਰ ਦੀਆਂ ਈਮੇਲਾਂ ਨੂੰ ਸਰਚ ਕਰਕੇ ਮਿਟਾਉਣਾ। ਇਸ ਕੰਮ ਲਈ ਅਸੀਂ Gmail ਦੇ ਅੰਦਰ ਹੀ ਸਰਚ ਆਪਸ਼ਨ ਦੀ ਮਦਦ ਲੈ ਸਕਦੇ ਹਾਂ। ਸਰਚ ਆਪਸ਼ਨ ਵਿਚ ਅਸੀਂ ਈਮੇਲ ਦੇ ਸਾਈਜ਼, ਮਿਤੀ, ਈਮੇਲ ਪਤਾ ਜਾਂ ਈਮੇਲ ਦੇ ਸਬਜੈਕਟ ਆਦਿ ਦੀ ਮਦਦ ਨਾਲ ਬੇਲੋੜੀਆਂ email ਨੂੰ ਸਰਚ ਕਰਕੇ ਮਿਟਾ ਸਕਦੇ ਹਾਂ। ਜਿਸ ਨਾਲ ਸਾਡੇ Gmail account ਵਿਚ ਕੁਝ ਜਗ੍ਹਾ ਖਾਲੀ ਹੋ ਜਾਵੇਗੀ।
- ਜੇਕਰ ਤੁਸੀਂ ਗੂਗਲ ਡਰਾਈਵ ਨੂੰ ਵੀ ਇਸਤੇਮਾਲ ਕਰਦੇ ਹੋਏ ਤਾਂ ਡਰਾਈਵ ਦੇ ਅੰਦਰੋਂ search ਦੀ ਮਦਦ ਨਾਲ ਬੇਲੋੜੀਆਂ ਅਤੇ ਵੱਡੇ ਸਾਈਜ਼ ਦੀਆਂ ਫਾਈਲਾਂ ਨੂੰ ਮਿਟਾ ਸਕਦੇ ਹੋ। ਇਸ ਨਾਲ ਵੀ Google account ਦੀ ਸਪੇਸ ਖਾਲੀ ਹੋ ਜਾਵੇਗੀ।
- ਨਵਾਂ ਈਮੇਲ ਖਾਤਾ ਬਣਾ ਕੇ –
- ਜੇਕਰ ਤੁਸੀਂ ਆਪਣੇ ਈਮੇਲ ਖਾਤੇ ਵਿਚੋਂ ਜਾਂ ਗੂਗਲ ਡ੍ਰਾਈਵ ਵਿਚੋਂ ਬਿਨਾਂ ਵੀ ਕੁੱਝ ਮਿਟਾਏ ਹੀ ਇਸ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨਵਾਂ ਈਮੇਲ ਖ਼ਾਤਾ ਬਣਾਉਣਾ ਪਵੇਗਾ ਜਿਸ ਨਾਲ ਤੁਹਾਨੂੰ 15 GB ਸਪੇਸ ਹੋਰ ਮਿਲ ਜਾਵੇਗੀ। ਪ੍ਰੰਤੂ ਇਸ ਨਾਲ ਪੁਰਾਣੇ ਈਮੇਲ ਖਾਤੇ ਤੇ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਜੇਕਰ ਉਹ ਪੂਰਾ ਭਰ ਚੁੱਕਿਆ ਹੈ ਤਾਂ ਤੁਹਾਨੂੰ ਹੋਰ ਈਮੇਲ ਪ੍ਰਾਪਤ ਹੋਣਗੀਆਂ ਬੰਦ ਹੋ ਜਾਣਗੀਆਂ। ਇਸ ਪਰੇਸ਼ਾਨੀ ਤੋਂ ਬਚਣ ਲਈ ਤੁਹਾਨੂੰ ਆਪਣੇ ਪੁਰਾਣੇ ਈਮੇਲ ਖਾਤਾ, ਜੋ ਕਿ ਪੂਰਾ ਭਰ ਚੁੱਕਿਆ ਹੈ, ਵਿੱਚੋਂ ਈਮੇਲ ਫਾਰਵਰਡ ਕਰਨ ਦੀ ਸੈਟਿੰਗ ਕਰਨੀ ਪੈਣੀ ਹੈ । ਇਸ ਤੋਂ ਬਾਅਦ ਤੁਹਾਨੂੰ ਜੋ ਵੀ ਈਮੇਲ ਪੁਰਾਣੇ ਪਤੇ ਤੇ ਆਵੇਗੀ ਉਹ ਆਪਣੇ ਆਪ ਨਵੇਂ ਈਮੇਲ ਪਤੇ ਵਿਚ ਪਹੁੰਚ ਜਾਵੇਗੀ। ਇਸ ਤਰੀਕੇ ਨਾਲ ਤੁਹਾਡਾ ਪੁਰਾਣਾ ਈਮੇਲ ਖ਼ਾਤਾ ਵੀ ਚਲਦਾ ਰਹੇਗਾ ਅਤੇ 15 GB ਜਗ੍ਹਾ ਪੂਰੀ ਭਰ ਜਾਣ ਤੇ ਵੀ ਤੁਹਾਨੂੰ ਈਮੇਲ ਪ੍ਰਾਪਤ ਹੁੰਦੀਆਂ ਰਹਿਣਗੀਆਂ ।
- Yahoo ਜਾਂ RediffMail ਦਾ ਇਸਤੇਮਾਲ ਸ਼ੁਰੂ ਕਰਨਾ – ਜੇਕਰ ਤੁਸੀਂ ਵਾਰ-ਵਾਰ ਈਮੇਲ account ਦੀ ਸਪੇਸ ਭਰਨ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ Yahoo mail account ਬਣਾ ਲੈਣਾ ਚਾਹੀਦਾ ਹੈ ਕਿਉਂ ਜੋ ਯਾਹੂ ਆਪਣੇ ਯੂਜ਼ਰਸ ਨੂੰ 1 TB (1000 GB) ਤੱਕ ਸਪੇਸ ਮੁਹੱਈਆ ਕਰਵਾਉਂਦਾ ਹੈ ਜੋ ਕਾਫ਼ੀ ਲੰਮੇ ਸਮੇਂ ਤੱਕ ਨਹੀਂ ਭਰੇਗਾ। ਹਾਲਾਂਕਿ ਤੁਹਾਡਾ ਜੀਮੇਲ ਅਕਾਊਂਟ ਹੋਣ ਨਾਲ ਤੁਸੀਂ ਗੂਗਲ ਦੀਆਂ ਹੋਰ ਐਪਲੀਕੇਸ਼ਨਾਂ ਜਿਵੇਂ ਗੂਗਲ ਡਰਾਇਵ, ਗੂਗਲ ਡਾਕਸ, ਗੂਗਲ ਸ਼ੀਟਸ ਆਦਿ ਦੀ ਵਰਤੋਂ ਵੀ ਕਰ ਸਕਦੇ ਹੋ। ਪਰ ਜੇਕਰ ਤੁਸੀਂ ਮੁੱਖ ਤੌਰ ਤੇ ਈਮੇਲ ਸਰਵਿਸ ਵਰਤਣੀ ਹੈ ਤਾਂ ਯਾਹੂ ਜਾਂ ਰੈਡਿਫ਼ ਮੇਲ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦੇ ਹਨ। ਪ੍ਰੰਤੂ ਗੂਗਲ ਦੀ ਈਮੇਲ ਸਰਵਿਸ ਸਪੀਡ ਅਤੇ ਫੀਚਰਸ ਦੇ ਮਾਮਲੇ ਵਿਚ ਬਾਕੀਆਂ ਤੋਂ ਕਾਫ਼ੀ ਅੱਗੇ ਹੈ ।
- Paid service – ਇਹ ਤਰੀਕਾ ਤੁਹਾਡੀ ਸਮੱਸਿਆ ਦਾ ਪੱਕਾ ਇਲਾਜ ਹੈ ਪਰ ਇਸ ਦਾ ਅਸਰ ਤੁਹਾਡੀ ਜੇਬ ਤੇ ਜ਼ਰੂਰ ਪਵੇਗਾ ਭਾਵ ਤੁਹਾਨੂੰ ਆਪਣੇ ਈਮੇਲ ਅਕਾਉਂਟ ਲਈ ਕੁਝ ਰਕਮ ਖਰਚ ਕਰਨੀ ਪਵੇਗੀ । ਗੂਗਲ ਜ਼ਿਆਦਾ ਸਪੇਸ ਬਦਲੇ ਹਰ ਮਹੀਨੇ ਜਾਂ ਸਾਲ ਲਈ ਆਪਣੇ ਗਾਹਕਾਂ ਤੋਂ ਇੱਕ ਫੀਸ ਚਾਰਜ ਕਰਦਾ ਹੈ। ਇਸ ਤਰੀਕੇ ਨਾਲ ਤੁਸੀਂ ਬਿਨਾਂ ਹੋਰ ਈਮੇਲ ਬਣਾਏ ਜਾਂ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਨੂੰ ਵਰਤਣ ਦੀ ਥਾਂ ਤੇ ਆਪਣੀ ਪੁਰਾਣੀ ਈਮੇਲ ਵਰਤ ਸਕਦੇ ਹੋ ਅਤੇ ਤੁਹਾਨੂੰ 15 GB ਸਪੇਸ ਪੂਰੀ ਭਰਨ ਤੋਂ ਬਾਅਦ ਵੀ ਈਮੇਲ ਆਉਣੀਆਂ ਬੰਦ ਨਹੀਂ ਹੋਣਗੀਆਂ।